Sanghe Khalsa
ਮੇਰਾ ਪਿੰਡ .. ਮੇਰੀ ਮੁਹੱਬਤ..
-ਪਿੰਡ ਸੰਘੇ ਖਾਲਸਾ ਤੋਂ ਅਮਨਦੀਪ ਹਾਂਸ ਦੀ ਵਿਸ਼ੇਸ਼ ਰਿਪੋਰਟ
ਪੜਾਂ, ਸੋਚਾਂ, ਲਿਖਾਂ, ਮੈਂ ਹਰਫ ਜਿਹੜਾ
ਉਹ ਤੇਰੇ ਨਾਮ ਦਾ ਵਿਸਥਾਰ ਹੋਵੇ।
ਚੜਾਂ ਜਿਸ ਰਾਹ, ਉਹ ਤੇਰੇ ਤੀਕ ਜਾਵੇ,
ਖੜਾਂ ਜਿਸ ਥਾਂ ਉਹ ਤੇਰਾ ਦੁਆਰ ਹੋਵੇ..।
ਐਨੀ ਮੁਹੱਬਤ ਕਰਦੇ ਨੇ ਪ੍ਰਵਾਸ ਹੰਢਾਉਂਦੇ ਪੰਜਾਬੀ ਆਪਣੀ ਜੰਮਣ ਭੋਇੰ ਨੂੰ.. ਜਿਥੇ ਮਰਜ਼ੀ ਜਾ ਵਸਣ, ਪਰ ਰੂਹ ਪੰਜਾਬ ਦੀ ਫਿਜ਼ਾ 'ਚ ਹੀ ਗੁੰਮੀ-ਗੁਆਚੀ ਰਹਿੰਦੀ ਹੈ, ਦਿਲ ਦੀ ਧੜਕਣ 'ਚ ਪੰਜਾਬ ਦਾ ਫਿਕਰ ਧੜਕਦਾ ਹੈ, ਸਾਹਾਂ ਦੀ ਮਹਿਕ 'ਚ ਇਹਦੀ ਮਿੱਟੀ ਮਹਿਕਦੀ ਹੈ….. .. .. ਇਸੇ ਕਰਕੇ ਹੀ ਇਹਦਾ ਦਰਦ ਦੂਰ ਬੈਠੇ ਵੀ ਸ਼ਿੱਦਤ ਨਾਲ ਮਹਿਸੂਸਦੇ ਨੇ, ਹੱਲ ਕਰਨ ਲਈ ਅਹੁਲਦੇ ਨੇ….. .. ..
ਆਪਾਂ ਇਕ ਪਿੰਡ ਚੱਲਦੇ ਹਾਂ, ਜੀਹਦੀ ਕਾਇਆ ਪ੍ਰਵਾਸੀ ਪੰਜਾਬੀਆਂ ਨੇ ਪਲਟ ਕੇ ਰੱਖ ਦਿੱਤੀ ਹੈ। ਹਰ ਵਕਤ ਕਿਸੇ ਨਾ ਕਿਸੇ ਰੂਪ ਵਿੱਚ ਕੋਈ ਕਾਣ ਕਮੀ ਲੱਭਣ ਵਾਲੀ ਮੇਰੀ ਖੁਦ ਦੀ ਨਜ਼ਰ ਵੀ ਟਹਿਕ ਕੇ ਪਰਤੀ ਹੈ, ਓਸ ਪਿੰਡ 'ਚੋਂ .. ਇਹ ਪਿੰਡ ਹੈ, ਜਲੰਧਰ ਜ਼ਿਲੇ ਦਾ ਸੰਘੇ ਖਾਲਸਾ.. .. ਨੂਰਮਹਿਲ-ਨਕੋਦਰ ਸੜਕ 'ਤੇ ਪੈਂਦਾ ਇਹ ਪਿੰਡ ਸ਼ੇਰ ਸ਼ਾਹ ਸੂਰੀ ਮਾਰਗ ਤੋਂ ਇਕ ਕਿਲੋਮੀਟਰ ਹਟਵਾਂ ਹੈ।
ਸਿਆਣੇ ਆਂਹਦੇ ਹੁੰਦੇ ਨੇ ਘਰ ਦੇ ਭਾਗ ਡਿਓਢੀਓਂ ਸਿਆਣੇ ਜਾਂਦੇ ਨੇ. . ਬਿਲਕੁਲ ਇਸੇ ਤਰਾਂ ਪਿੰਡ ਵੜਦਿਆਂ ਹੀ ਅਹਿਸਾਸ ਹੋ ਜਾਂਦਾ ਹੈ ਕਿ ਕੁਝ ਤਾਂ ਖਾਸ ਹੈ ਇਥੇ।
12-1300 ਦੀ ਅਬਾਦੀ ਵਾਲੇ ਇਸ ਪਿੰਡ ਦੇ ਹਰ ਘਰ ਦਾ ਕੋਈ ਨਾ ਕੋਈ ਜੀਅ ਤੇ ਕਈਆਂ ਦੇ ਸਾਰੇ ਜੀਅ ਵੱਖ ਵੱਖ ਦੇਸ਼ਾਂ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਦੁਬਈ, ਆਬੂਧਾਬੀ ਵਿੱਚ ਵਸੇ ਹੋਏ ਨੇ। ਹਰ ਸ਼ਖਸ ਵਸਦਾ ਬੇਸ਼ੱਕ ਕਿਤੇ ਵੀ ਹੈ, ਪਰ ਉਸ ਦੀ ਰੂਹ ਪਿੰਡ ਵਿੱਚ ਹੀ ਵਸਦੀ ਹੈ। ਵੱਖ ਵੱਖ ਪ੍ਰਵਾਸੀਆਂ ਨੇ ਪਿੰਡ ਦੇ ਕਾਰਜ ਸੁਆਰਨ ਵਾਸਤੇ 1993 ਵਿੱਚ ਸੰਘੇ ਖਾਲਸਾ ਓਵਰਸੀਜ਼ ਵੈਲਫੇਅਰ ਕਮੇਟੀ ਗਠਿਤ ਕੀਤੀ ਸੀ, ਜੋ ਅੱਜ ਤੱਕ ਬਿਨਾ ਕਿਸੇ ਧੜੇਬੰਦੀ ਦੇ ਕਾਰਜਸ਼ੀਲ ਹੈ।
ਵਿਦੇਸ਼ੀਂ ਵਸਦੇ ਪਿੰਡ ਵਾਸੀ ਬੜੀ ਖੁਸ਼ਹਾਲ ਜ਼ਿੰਦਗੀ ਜਿਉਂਦੇ ਨੇ, ਪਿੰਡ ਵਿੱਚ ਉਸਰੀਆਂ ਉਹਨਾਂ ਦੀਆਂ ਦੋ ਦੋ ਤਿੰਨ ਤਿੰਨ ਮੰਜ਼ਲਾਂ ਕੋਠੀਆਂ ਇਸ ਦੀ ਗਵਾਹੀ ਭਰਦੀਆਂ ਨੇ, ਪਰ ਇਹ ਖੁਸ਼ਹਾਲੀ ਨਿੱਜ ਤੱਕ ਹੀ ਸੀਮਤ ਨਾ ਹੋ ਕੇ ਪੂਰੇ ਪਿੰਡ ਦੀ ਨੁਹਾਰ ਨਿਖਾਰ ਰਹੀ ਹੈ।
ਓਵਰਸੀਜ਼ ਵੈਲਫੇਅਰ ਕਮੇਟੀ ਵਿੱਚ ਕਈ ਮੈਂਬਰ ਨੇ, ਕਮੇਟੀ ਨਾਮ ਦੀ ਕਮੇਟੀ ਹੈ, ਪਰ ਇਕ ਪਰਿਵਾਰ ਹੈ, ਹਰੇਕ ਦੇ ਸਿਰ ਕੋਈ ਨਾ ਕੋਈ ਜ਼ਿਮੇਵਾਰੀ ਉਸ ਦੇ ਵਿੱਤ ਮੁਤਾਬਕ ਪਾਈ ਜਾਂਦੀ ਹੈ, ਜੋ ਉਹ ਪੂਰੀ ਤਨਦੇਹੀ ਨਾਲ ਨਿਭਾਉਂਦਾ ਹੈ। ਤਨ ਮਨ ਤੇ ਧਨ ਨਾਲ ਪਿੰਡ ਦੇ ਕਾਰਜ ਕਰਨ ਵਿੱਚ ਸਭ ਰਲ ਮਿਲ ਕੇ ਸ਼ਾਮਲ ਹੁੰਦੇ ਨੇ।
ਪਿੰਡ ਦੇ ਪ੍ਰਵਾਸੀਆਂ ਵਲੋਂ ਇਸ ਕਮੇਟੀ ਦੀ ਅਗਵਾਈ ਵਿੱਚ ਜੋ ਮੁੱਖ ਕਾਰਜ ਕੀਤੇ ਗਏ, ਉਹਨਾਂ ਵਿੱਚ ਅੰਡਰ ਗਰਾਊਂਡ ਸੀਵਰੇਜ ਸਿਸਟਮ, ਮੀਂਹ ਦਾ ਪਾਣੀ ਜ਼ਮੀਨ ਵਿੱਚ ਹੀ ਗਰਕਾਉਣ ਦੇ ਪ੍ਰਬੰਧ, ਕੂੜਾ ਕਰਕਟ ਸੁੱਟਣ ਲਈ ਪਿੰਡ ਦੇ ਬਾਹਰਵਾਰ ਡੰਪ ਬਣਾਉਣੇ, ਸੀਵਰੇਜ ਦਾ ਪਾਣੀ ਸਾਫ ਕਰਨ ਲਈ ਵਾਟਰ ਟਰੀਟਮੈਂਟ ਪਲਾਂਟ ਲਾਉਣੇ, ਪੀਣ ਲਈ ਸਾਫ ਪਾਣੀ ਵਾਸਤੇ ਟੈਂਕੀ ਬਣਾਉਣੀ, ਸਰਕਾਰੀ ਸਕੂਲ ਦੀ ਇਮਾਰਤ ਉਸਾਰੀ, ਗਰਾਊਂਡ ਤਿਆਰ ਕਰਨਾ, ਸਭ ਕੰਮ ਪ੍ਰਵਾਸੀ ਪੰਜਾਬੀਆਂ ਦੀ ਹਿੰਮਤ ਤੇ ਪੈਸੇ ਨਾਲ ਹੋਏ ਨੇ।
ਧੜੇਬੰਦੀ ਤੇ ਸਿਆਸੀ ਗੰਧਲੇਪਣ ਤੋਂ ਅਣਭਿੱਜ ਸੰਘੇ ਖਾਲਸਾ ਪਿੰਡ ਦੇ ਵਸਨੀਕਾਂ ਨੇ ਸਰਕਾਰ ਵਲੋਂ ਐਲਾਨੀ 75:25 ਵਾਲੀ ਯੋਜਨਾ ਦਾ ਪੂਰਾ ਲਾਭ ਲਿਆ। ਪ੍ਰਵਾਸੀਆਂ ਦੀ ਨੇਕਨੀਤੀ ਤੇ ਪਿੰਡ ਵਾਸੀਆਂ ਦੀ ਸੋਝੀ ਨੇ ਸਰਕਾਰ ਨੂੰ ਬਹਾਨੇ ਦਾ ਕੋਈ ਮੌਕਾ ਨਹੀਂ ਦਿੱਤਾ ਤੇ ਲਗਾਤਾਰ ਪਿੱਛਾ ਕਰਕੇ ਹਰ ਐਲਾਨੀ ਸਹੂਲਤ ਦਾ ਫਾਇਦਾ ਲਿਆ। 75 ਫੀਸਦੀ ਹਿੱਸਾ ਖੁਦ ਪਾ ਕ ਸਰਕਾਰ ਦੀ ਜੇਬ 'ਚੋਂ 25 ਫੀਸਦੀ ਹਿੱਸਾ ਕਢਵਾਇਆ।
ਗੱਲ ਪਾਣੀ ਵਾਲੀ ਟੈਂਕੀ ਤੋਂ ਆਰੰਭ ਕਰਦੇ ਹਾਂ, ਜਿਸ ਵਾਸਤੇ 2 ਲੱਖ ਰੁਪਏ ਸਰਕਾਰ ਨੇ ਦਿੱਤੇ, ਕਰੀਬ 14 ਲੱਖ ਰੁਪਏ ਪ੍ਰਵਾਸੀਆਂ ਪੰਜਾਬੀਆਂ ਨੇ ਯੋਗਦਾਨ ਪਾਇਆ ਤੇ ਪਿੰਡ ਵਾਸੀਆਂ ਨੇ ਵੀ 1 ਲੱਖ ਰੁਪਏ ਇਕੱਠੇ ਕਰਕੇ ਹਿੱਸਾ ਪਾਇਆ। ਟੈਂਕੀ ਪਿੰਡ ਦਾ ਸਾਰਾ ਲੈਵਲ ਮਾਪ ਕੇ ਐਨੀ ਉਚੀ ਬਣਾਈ ਗਈ ਕਿ ਦੋ ਮੰਜ਼ਲਾ ਘਰਾਂ ਦੀ ਪਾਣੀ ਵਾਲੀ ਟੈਂਕੀ ਵਿੱਚ ਵੀ ਪੂਰੇ ਪ੍ਰੈਸ਼ਰ ਨਾਲ ਪਾਣੀ ਜਾਂਦਾ ਹੈ। ਅਜਿਹਾ ਪ੍ਰਬੰਧ ਸ਼ਹਿਰਾਂ ਵਿੱਚ ਵੀ ਸ਼ਾਇਦ ਹੀ ਕਿਤੇ ਲੱਭੇ। ਟਿਊਬਵੈਲ 500 ਫੁੱਟ ਡੂੰਘਾ ਲਾਇਆ ਗਿਆ ਹੈ, ਆਟੋਮੈਟਿਕ ਪਿਓਰੀਫਾਇਰ ਸਿਸਟਮ ਲਾਇਆ ਗਿਆ ਹੈ, ਜੋ ਪਾਣੀ ਨੂੰ ਲੋੜ ਮੁਤਾਬਕ ਸਾਫ ਰੱਖਣ ਲਈ ਟਰੀਟ ਕਰਦਾ ਹੈ। ਇਹ ਸਿਸਟਮ ਪੰਜਾਬ ਭਰ ਵਿੱਚ ਕਿਤੇ ਵਿਰਲਾ ਟਾਵਾਂ ਹੋ ਸਕਦਾ ਹੈ। ਨਹੀਂ ਤਾਂ ਬਹੁਤੇ ਪਿੰਡਾਂ ਵਿੱਚ ਤਾਂ ਜਿੱਥੇ ਸਭ ਕੁਝ ਸਰਕਾਰ ਜੀ ਦੇ ਹੱਥ ਵੱਸ ਹੈ ਓਥੇ ਤਾਂ ਲੋਕ ਕੱਚੀਆਂ ਖੂਹੀਆਂ ਵਾਲੀਆਂ ਟਾਇਲਟਸ ਬਣਾ ਕੇ ਨਾਲ ਹੀ ਨਲਕੇ ਲਾ ਕੇ ਗੰਦਗੀ ਰਲ਼ਿਆ ਪਾਣੀ ਪੀਣ ਨੂੰ ਮਜਬੂਰ ਨੇ।
ਖੈਰ! ਸੰਘੇ ਖਾਲਸਾ ਪਿੰਡ ਵਿੱਚ ਸੀਵਰੇਜ ਦਾ ਪਾਣੀ ਟਰੀਟ ਕਰਕੇ ਵਰਤੋਂ ਯੋਗ ਬਣਾਉਣ ਲਈ 1993-93 ਤੋਂ ਹੀ ਕੰਮ ਚੱਲ ਰਿਹਾ ਹੈ, ਜੋ 2014 ਵਿੱਚ ਪੂਰੀ ਤਰਾਂ ਚਾਲੂ ਹੋ ਗਿਆ, ਇਸ 'ਤੇ ਹੁਣ ਤੱਕ ਪਤਾ ਜੇ ਕਿੰਨਾ ਖਰਚਾ ਆਇਆ? 63 ਲੱਖ ਰੁਪਿਆ, 25 ਫੀਸਦੀ ਸਰਕਾਰ ਜੀ ਦੀ ਜੇਬ ਵਿਚੋਂ ਪਿੰਡ ਦੇ ਮੋਹਤਬਰਾਂ ਨੇ ਕਢਵਾਇਆ ਤੇ 75 ਫੀਸਦੀ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਜੇਬ ਵਿਚੋਂ ਲਾਇਆ, ਇਸੇ ਪਲਾਂਟ 'ਤੇ ਬਿਜਲੀ ਬਣਾਉਣ ਲਈ 12 ਲੱਖ ਰੁਪਏ ਪ੍ਰਵਾਸੀਆਂ ਨੇ ਖਰਚ ਕੇ ਸੋਲਰ ਸਿਸਟਮ ਲਾਇਆ, ਗਰਿੱਡ ਨੂੰ ਬਿਜਲੀ ਵੇਚੀ ਜਾਂਦੀ ਹੈ, ਲੋੜ ਪੈਣ 'ਤੇ ਬਿਜਲੀ ਦਾ ਵੱਟਾ ਸੱਟਾ ਕਰ ਲਿਆ ਜਾਂਦਾ ਹੈ।
ਜੋ ਪਾਣੀ ਟਰੀਟ ਕੀਤਾ ਜਾਂਦਾ ਹੈ, ਉਸ ਨੂੰ ਸਟੋਰ ਕਰਕੇ ਕਿਚਨ ਗਾਰਡਨ, ਮਸ਼ੀਨਰੀ ਧੋਣ, ਫਰਸ਼ਾਂ ਧੋਣ ਜਾਂ ਹੋਰ ਕਿਸੇ ਅਜਿਹੇ ਕੰਮ ਲਈ ਵਰਤਿਆ ਜਾ ਰਿਹਾ ਹੈ, ਬਕਾਇਦਾ ਇਸ ਵਾਸਤੇ ਵੀ ਪੂਰੇ ਪਿੰਡ ਵਿੱਚ ਪਾਈਪਾਂ ਵਿਛਾਈਆਂ ਗਈਆਂ ਨੇ, ਅਜਿਹਾ ਇਸ ਪਿੰਡ ਵਿੱਚ ਕਿਤੇ ਦਿਸਿਆ ਹੀ ਨਹੀਂ ਕਿ ਕਾਂਗਰਸ ਦੇ ਘਰਾਂ ਮੂਹਰੇ ਤਰੱਕੀ ਨਹੀਂ ਤੇ ਬਾਦਲਕਿਆਂ ਦੇ ਘਰਾਂ ਮੂਹਰੇ ਤਰੱਕੀ ਹੈ, ਇਥੇ ਦਲਿਤ ਪਰਿਵਾਰਾਂ ਦੀ ਰਿਹਾਇਸ਼ ਤੋਂ ਲੈ ਕੇ ਜ਼ਿਮੀਦਾਰਾਂ ਦੀ ਰਿਹਾਇਸ਼ ਤੱਕ ਸਭ ਕਿਤੇ ਇਕੋ ਜਿਹੇ ਪ੍ਰਬੰਧ ਨੇ।
ਪਿੰਡ ਦਾ ਜ਼ਮੀਨਦੋਜ਼ ਸੀਵਰੇਜ ਸਿਸਟਮ ਤਾਂ ਬਾ-ਕਮਾਲ ਹੈ ਹੀ, ਜੇ ਕਿਤੇ ਬਲੌਕੇਜ ਹੋ ਜਾਵੇ ਤਾਂ ਉਸ ਦੀ ਸਫਾਈ ਲਈ ਮਸ਼ੀਨ ਵੀ ਖਰੀਦੀ ਹੋਈ ਹੈ।
ਖੇਡ ਦਾ ਮੈਦਾਨ ਬਣਾਉਣ ਦੀ ਤਿਆਰੀ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ, ਜਿਸ ਵਾਸਤੇ ਜਾਗਰ ਸਿੰਘ ਨੰਬਰਦਾਰ ਦੀ 4-5 ਮਰਲੇ ਜ਼ਮੀਨ ਵੀ ਦਾਨ ਵਿੱਚ ਮਿਲੀ ਹੈ।
3 ਲੱਖ ਰੁਪੇ ਦੀ ਸਰਕਾਰੀ ਗ੍ਰਾਂਟ ਨਾਲ ਆਂਗਣਵਾੜੀ ਸੈਂਟਰ ਦੀ ਇਮਾਰਤ ਵੀ ਉਸਰ ਰਹੀ ਹੈ, ਜੇ ਪੈਸੇ ਘਟ ਗਏ ਤਾਂ ਓਵਰਸੀਜ਼ ਵੈਲਫੇਅਰ ਕਮੇਟੀ ਯੋਗਦਾਨ ਪਾਵੇਗੀ।
ਸਕੂਲ ਲਈ ਪਿੰਡ ਦੇ ਐਨ ਆਰ ਆਈ ਨਾਜਰ ਸਿੰਘ ਨੇ 1993 ਵਿੱਚ ਆਪਣਾ ਘਰ ਦਾਨ ਦੇ ਦਿੱਤਾ ਸੀ ਜਿਸ 'ਤੇ ਸਕੂਲ ਦੀ ਇਮਾਰਤ ਸਾਰੇ ਪ੍ਰਵਾਸੀਆਂ ਨੇ ਰਲ ਮਿਲ ਕੇ ਬਣਾਈ।
ਸਕੂਲ ਵਿੱਚ ਅਧਿਆਪਕਾਂ ਦੀ ਘਾਟ ਨਾ ਰੜਕੇ ਇਸ ਵਾਸਤੇ ਕੁਝ ਅਧਿਆਪਕ ਵੀ ਪ੍ਰਵਾਸੀਆਂ ਨੇ ਰੱਖ ਕੇ ਦਿੱਤੇ ਨੇ ਜਿਹਨਾਂ ਨੂੰ ਤਨਖਾਹ ਵੀ ਵੈਲਫੇਅਰ ਕਮੇਟੀ ਦੇ ਫੰਡ ਵਿੱਚੋਂ ਦਿੱਤੀ ਜਾਂਦੀ ਹੈ।
ਇਹ ਕਮੇਟੀ ਹਰ ਸਾਲ 12,13, 14 ਜਨਵਰੀ ਨੂੰ ਪਿੰਡ ਵਿੱਚ ਖੇਡ ਮੇਲਾ ਤੇ ਸਭਿਆਚਾਰਕ ਮੇਲਾ ਕਰਵਾਉਂਦੀ ਹੈ। ਸਭਿਆਚਾਰ ਦਾ ਮਤਲਬ ਸੱਚੀਆਂ ਕਦਰਾਂ ਕੀਮਤਾਂ ਵਾਲੇ ਸਮਾਗਮ, ਜਿਸ ਮੇਲੇ ਵਿੱਚ ਭਾਈ ਮੰਨਾ ਸਿੰਘ ਉਰਫ ਗੁਰਸ਼ਰਨ ਸਿੰਘ ਵਰਗੇ ਨਾਟਕਕਾਰ ਆਏ ਹੋਣ, ਜਾਗ ਲਾ ਕੇ ਗਏ ਹੋਣ ਓਥੇ ਸੱਚੀਆਂ ਕਦਰਾਂ ਕੀਮਤਾਂ ਦੀ ਪੈੜ ਹੀ ਬੱਝਦੀ ਹੈ। ਖੇਡਾਂ ਵਿੱਚ ਕੁੜੀਆਂ ਦੀ ਰੱਸਾਕਸ਼ੀ, ਕੁਸ਼ਤੀ, ਕਬੱਡੀ ਵੀ ਹੁੰਦੀ ਹੈ, ਵਾਲੀਬਾਲ ਦੇ ਮੁਕਾਬਲੇ ਵੀ ਹੁੰਦੇ ਨੇ। ਵਰਲਡ ਕਬੱਡੀ ਕੱਪ ਖੇਡਣ ਵਾਲੀਆਂ ਕੁੜੀਆਂ ਨੇ ਪਹਿਲਾ ਮੈਚ ਇਸ ਪਿੰਡ ਦੀ ਸੁਭਾਗੀ ਧਰਤ 'ਤੇ ਖੇਡ ਕੇ ਸੁੱਚੀ ਸੋਚ ਰੱਖਣ ਵਾਲਿਆਂ ਦਾ ਆਸ਼ੀਰਵਾਦ ਲਿਆ, ਹੁਣ ਵੀ ਇਹ ਕੁੜੀਆਂ ਬਿਨਾ ਬੁਲਾਇਆਂ ਖੇਡਣ ਆਉਂਦੀਆਂ ਨੇ। ਇਥੇ ਟੂਰਨਾਮੈਂਟ 24 ਸਾਲਾਂ ਤੋਂ ਕਰਵਾਇਆ ਜਾਂਦਾ ਹੈ।
ਹਰ ਸਾਲ ਨੂਰਮਹਿਲ, ਰੁੜਕਾ ਕਲਾਂ ਤੇ ਨਕੋਦਰ ਦੇ 11ਵੀਂ, 12ਵੀਂ ਤੇ ਬੀ ਏ ਭਾਗ ਪਹਿਲਾ ਦੇ ਪਹਿਲੇ ਤਿੰਨ ਦਰਜਿਆਂ ਵਿੱਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਕਮੇਟੀ ਵਲੋਂ ਸਨਮਾਨਤ ਕੀਤਾ ਜਾਂਦਾ ਹੈ, ਸਕੂਲ ਕਿੱਟਾਂ ਵੰਡੀਆਂ ਜਾਂਦੀਆਂ ਨੇ, ਜਿਹਨਾਂ ਵਿੱਚ ਹੋਰ ਸਮਾਨ ਦੇ ਨਾਲ ਨਾਲ ਤਰਕ ਤੇ ਗਿਆਨ ਭਰਪੂਰ ਸਾਹਿਤ ਵੀ ਸ਼ਾਮਲ ਹੈ। ਨੂਰਮਹਿਲ, ਨਕੋਦਰ, ਸੰਘ ਢੇਸੀਆਂ ਤੇ ਕਾਲਾ ਸੰਘਿਆ ਦੇ ਕਾਲਜਾਂ, ਸਕੂਲਾਂ ਦੇ 10+1 ਤੋਂ ਬੀ ਏ ਤੱਕ ਦੇ ਵਿਦਿਆਰਥੀਆਂ ਦਾ ਤਰਕ ਭਰਪੂਰ, ਸਮਾਜਕ ਪੱਧਰ 'ਤੇ ਜਾਗਰੂਕਤਾ ਵਾਲੇ ਤੇ ਆਮ ਗਿਆਨ ਦੇ ਸਵਾਲਾਂ ਦਾ ਕੰਪੀਟੀਸ਼ਨ ਕਰਵਾਇਆ ਜਾਂਦਾ ਹੈ, ਪਹਿਲੇ ਦੂਜੇ ਤੇ ਤੀਜੇ ਦਰਜੇ ਵਾਲੇ ਨੂੰ 10 ਹਜ਼ਾਰ, 8 ਹਜ਼ਾਰ, ਤੇ 6 ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਂਦਾ ਹੈ, ਬਾਕੀਆਂ ਨੂੰ ਵੀ ਹੌਸਲਾ ਵਧਾਊ ਇਨਾਮ ਦਿੱਤਾ ਜਾ ਰਿਹਾ ਹੈ।
ਕੁਝ ਪ੍ਰਵਾਸੀਆਂ ਨੇ ਆਪਣੀ ਪੱਧਰ 'ਤੇ ਆਲੇ ਦੁਆਲੇ ਦੀਆਂ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਪੜਾਈ ਲਈ ਅਡਾਪਟ ਕੀਤੀਆਂ ਨੇ। ਪਿੰਡ ਵਿੱਚ ਕਿਸੇ ਪਰਿਵਾਰ 'ਤੇ ਕੋਈ ਬਿਪਤਾ ਆ ਜਾਵੇ, ਕੋਈ ਗੁਰਬਤ ਮਾਰਾ ਬਿਮਾਰ ਪੈ ਗਿਆ, ਸੱਟ ਫੇਟ ਖਾ ਬੈਠਾ ਤਾਂ ਵੀ ਪ੍ਰਵਾਸੀ ਸਾਰਾ ਖਰਚਾ ਵੰਡ ਕੇ ਪੀੜਤ ਪਰਿਵਾਰ ਦੇ ਸਿਰ ਬੋਝ ਪੈਣ ਹੀ ਨਹੀਂ ਦਿੰਦੇ। ਵੈਲਫੇਅਰ ਕਮੇਟੀ ਪਿੰਡ ਦੀ ਹਰ ਧੀ ਨੂੰ 51-5100 ਰੁਪਏ ਵਿਆਹ ਮੌਕੇ ਸ਼ਗਨ ਦਿੰਦੀ ਹੈ, ਜੇ ਕੋਈ ਲੋੜਵੰਦ ਦਿਸੇ ਤਾਂ ਕੁੜੀ ਦੇ ਵਿਆਹ ਮੌਕੇ ਹੋਰ ਮਦਦ ਵੀ ਕੀਤੀ ਜਾਂਦੀ ਹੈ।
ਪਿੰਡਾਂ ਵਿੱਚ ਸਮਾਜਿਕ ਕਾਰਜਾਂ ਵਾਸਤੇ ਦਰਵਾਜ਼ੇ ਹੋਇਆ ਕਰਦੇ ਸਨ, ਇਥੇ ਵੀ ਹੈ, ਜਿਸਦੇ ਉਪਰ 2006 ਵਿੱਚ ਪੰਚਾਇਤ ਘਰ ਪ੍ਰਵਾਸੀਆਂ ਨੇ ਉਸਾਰ ਦਿੱਤਾ, ਇਥੇ ਪੰਚਾਇਤੀ ਅਗਵਾਈ ਵਾਲੇ ਕੰਮਾਂ ਦੀ ਰੂਪ ਰੇਖਾ ਘੜੀ ਜਾਂਦੀ ਹੈ।
ਬੇਸ਼ੱਕ ਪਿੰਡ ਸੰਘੇ ਖਾਲਸਾ ਦੀ ਪੰਚਾਇਤ ਖਾਸ ਕਰਕੇ ਸਰਪੰਚ ਅਕਾਲੀ ਦਲ ਬਾਦਲ ਦੇ ਕੋਟੇ ਵਿੱਚ ਹੈ, ਪਰ ਸ. ਮੱਖਣ ਸਿੰਘ ਸਰਪੰਚ ਨੇ ਹੱਸਦਿਆਂ ਕਿਹਾ ਕਿ ਮੈਂ ਤਾਂ ਪਿੰਡ ਦਾ ਸਰਪੰਚ ਹਾਂ, ਅਕਾਲੀ ਬਾਅਦ 'ਚ ਹਾਂ। ਪਿੰਡ ਦੇ ਪੈਨਸ਼ਨਰਾਂ ਨੂੰ ਕਦੇ ਵੀ ਅਜਿਹਾ ਨਹੀਂ ਹੋਇਆ ਕਿ ਪੈਨਸ਼ਨ ਨਾ ਮਿਲੇ, ਜੇ ਦੋ ਮਹੀਨੇ ਬਾਅਦ ਜਾਂ ਤਿੰਨ ਮਹੀਨੇ ਬਾਅਦ ਆਈ ਤਾਂ ਇਕੱਠੀ ਮਿਲੀ ਇਹ ਨਹੀਂ ਕਿ ਕਿ ਮਹੀਨੇ ਦੀ ਹੀ ਮਿਲੀ। ਕਣਕ ਦਾਲ ਵੀ ਵਕਤ ਸਿਰ ਮਿਲਦੀ ਹੈ। ਹੈਲਥ ਸੈਂਟਰ ਵੀ ਹੈ, ਸਟਾਫ ਵੀ ਹੈ। ਟਾਇਲਟਸ ਬਣਾਉਣ ਲਈ ਜਿੰਨੀ ਗ੍ਰਾਂਟ ਆਈ ਥਾਂ ਸਿਰ ਲੱਗੀ।
ਮਰਹੂਮ ਪਿਆਰਾ ਸਿੰਘ ਦੇ ਵਿਦੇਸ਼ ਵਸਦੇ ਪਰਿਵਾਰ ਨੇ ਪਿੰਡ ਦੇ ਚੋਭਰਾਂ ਲਈ ਜਿੰਮ ਬਣਾਇਆ ਹੈ, ਮਸ਼ੀਨਰੀ ਤੋਂ ਲੈ ਕੇ ਸੰਭਾਲ ਤੱਕ ਦਾ ਸਾਰਾ ਪ੍ਰਬੰਧ ਦੇਖਦੇ ਨੇ।
ਪਿੰਡ ਵਿੱਚ ਮਾਰਚ ਦੇ ਮਹੀਨੇ ਸਾਰੀਆਂ ਗਲੀਆਂ ਵਿੱਚ ਇੰਟਰਲੌਕ ਟਾਇਲਾਂ ਦੀਆਂ ਲਵਾਉਣ ਦਾ ਵੱਡਾ ਪ੍ਰੋਜੈਕਟ ਸ਼ੁਰੂ ਹੋਣ ਵਾਲਾ ਹੈ, ਜਿਸ 'ਤੇ 1 ਕਰੋੜ 33 ਲੱਖ ਦਾ ਖਰਚਾ ਆਉਣ ਦੀ ਉਮੀਦ ਹੈ, 50 ਫੀਸਦੀ ਸਰਕਾਰ ਦੀ ਜੇਬ ਵਿਚੋਂ ਕਢਵਾਇਆ ਜਾਣਾ ਹੈ ਤੇ ਬਾਕੀ 50 ਫੀਸਦੀ ਪ੍ਰਵਾਸੀ ਪੰਜਾਬੀ ਖਰਚਣਗੇ।
ਰੰਧਾਵਾ ਪਰਿਵਾਰ ਹੈ, ਜਿਸ ਨੇ ਆਪਣੀ ਜ਼ਮੀਨ ਵਿਚੋਂ 1 ਕਿੱਲਾ ਇਨਡੋਰ ਸਟੇਡੀਅਮ ਲਈ ਦਾਨ ਕਰ ਦਿੱਤਾ ਹੈ, ਗਲੀਆਂ ਦਾ ਕੰਮ ਨਿਪਟਾਅ ਕੇ ਇਸ ਸਟੇਡੀਅਮ ਦਾ ਕਾਰਜ ਸ਼ੁਰੂ ਹੋ ਜਾਣਾ ਹੈ।
ਪਿੰਡ ਵਿੱਚ ਦੋ ਪੁਰਾਤਨ ਗੁਰੂ ਘਰ ਨੇ, ਦੋ ਸ਼ਮਸ਼ਾਨ ਘਾਟਾਂ ਨੇ, ਪ੍ਰਵਾਸੀਆਂ ਨੇ ਬੜਾ ਜ਼ੋਰ ਲਾਇਆ ਕਿ ਇਕ ਹੀ ਸ਼ਮਸ਼ਾਨ ਘਾਟ ਹੋਵੇ ਪਰ ਦਲਿਤ ਪਰਿਵਾਰ ਨਹੀਂ ਮੰਨੇ , ਤਰਕ ਦਿੱਤਾ ਕਿ ਸਾਡੇ ਪੁਰਖੇ ਓਥੇ ਫੂਕੇ ਨੇ ਜੇ ਸਾਡਾ ਸਸਕਾਰ ਕਿਤੇ ਹੋਰ ਹੋਇਆ ਤਾਂ ਸਾਡੀ ਰੂਹ ਭਟਕਦੀ ਰਹਿ ਜਾਊ.. ਪੜੇ ਲਿਖੇ ਪ੍ਰਵਾਸੀ ਮਨਾਉਣ ਦੀ ਕੋਸ਼ਿਸ਼ ਲਗਾਤਾਰ ਜਾਰੀ ਰੱਖ ਰਹੇ ਨੇ।
ਅਸਲ ਵਿੱਚ ਪਿੰਡ ਧੜੇਬੰਦੀ ਤੋਂ ਬਚਿਆ ਹੋਇਆ ਹੈ, ਇਸੇ ਕਰਕੇ ਹੀ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਲੱਗਦਾ ਨਹੀਂ ਕਿ ਪਿੰਡ ਪੰਜਾਬ ਦਾ ਹੈ, ਜਿਸ ਸੂਬੇ ਵਿੱਚ ਦਲਾਲ ਮਾਨਸਿਕਤਾ ਵਾਲੇ ਜਨਤਕ ਅਸਬਾਬ ਦੇ ਲੁਟੇਰਿਆਂ ਦੀ ਭਰਮਾਰ ਹੈ, ਓਥੇ ਸੰਘੇ ਖਾਲਸਾ ਪਿੰਡ ਦੇ ਵਾਸੀ ਵੀ ਹਨ, ਜੋ ਰਲ ਮਿਲ ਕੇ ਪਿੰਡ ਦੀ ਕਾਇਆ ਕਲਪ ਕਰਨ ਵਿੱਚ ਜੁਟੇ ਹੋਏ ਨੇ।
ਸੰਘੇ ਖਾਲਸਾ ਵਿੱਚ ਜਾ ਕੇ ਸਕੂਨ ਮਿਲਦਾ ਹੈ..
ਭਾਵੇਂ ਸਭ ਕੁਝ ਠੀਕ ਠਾਕ ਹੈ
ਮਨ ਨੂੰ ਪਰ ਤਸਕੀਨ ਨਹੀਂ ਹੈ..
ਸੰਘੇ ਖਾਲਸਾ ਵਿੱਚ ਪ੍ਰਵਾਸੀਆਂ ਦੇ ਬਹੁਤੇ ਘਰਾਂ ਨੂੰ ਵੱਜੇ ਜਿੰਦਰੇ ਪਿੰਡ ਦੀ ਰਮਣੀਕ ਫਿਜ਼ਾ ਨੂੰ ਉਦਾਸ ਕਰ ਦਿੰਦੇ ਨੇ.. ਬੇਹੱਦ ਉਦਾਸ..
ਖੈਰ ਜਿਉਂਦੇ ਵਸਦੇ ਰਹਿਣ ਮਾਂ ਮਿੱਟੀ ਦੇ ਫਿਕਰਮੰਦ.. ਇਹੀ ਦੁਆ ਨਿਕਲਦੀ ਹੈ..
ਪਰ ਆਪਾਂ ਵਾਰਸ ਸ਼ਾਹ ਨੂੰ ਝੂਠਾ ਨਹੀਂ ਪੈਣ ਦੇਣਾ..
ਪਿੰਡ ਸੰਘੇ ਖਾਲਸਾ ਦੇ ਤਕਰੀਬਨ ਹਰ ਘਰ ਦਾ ਕੋਈ ਨਾ ਕੋਈ ਜੀਅ ਵਿਦੇਸ਼ ਵਸਿਆ ਹੈ, ਦਲਿਤ ਭਾਈਚਾਰੇ ਦੇ ਘਰਾਂ ਵਿੱਚ ਵੀ ਖੁਸ਼ਹਾਲੀ ਦੀ ਝਲਕ ਹੈ ਜੋ ਮਨ ਨੂੰ ਸਕੂਨ ਦਿੰਦੀ ਹੈ, ਪਰ ਕਈ ਦੋ ਦੋ ਮੰਜ਼ਲਾ ਕੋਠੀਆਂ ਵਾਲੇ ਦਲਿਤ ਪਰਿਵਾਰ ਸ਼ਿਕਵਾ ਜਿਹਾ ਕਰਦੇ ਰਹੇ ਕਿ ਸਾਨੂੰ ਲੋੜਵੰਦਾਂ ਵਾਲੀਆਂ ਸਹੂਲਤਾਂ ਨਹੀਂ ਮਿਲਦੀਆਂ, ਦੋ ਮੰਜ਼ਲਾ ਘਰ ਦੇ ਬਾਹਰ ਕਾਰ ਵਿਚੋਂ ਉਤਰੀ ਦਲਿਤ ਪਰਿਵਾਰ ਦੀ ਮਹਿਲਾ ਨੇ ਰੋਸਾ ਜਿਹਾ ਕੀਤਾ ਕਿ ਸਾਨੂੰ ਸਸਤੀ ਕਣਕ ਨਹੀਂ ਮਿਲਦੀ.. ਨਾ ਸਾਡੇ ਸਰਕਾਰੀ ਟਾਇਲਟ ਬਣਾ ਕੇ ਦਿੱਤੀ..
ਲਿਸ਼ਕਵੇਂ ਪੱਥਰ ਤੇ ਟਾਈਲਾਂ ਨਾਲ ਜਚੀ ਕੋਠੀ ਦੀ ਮਾਲਕਣ ਦੇ ਮਨ ਅੰਦਰ ਛੁਪੀ ਲਾਲਸਾ ਨੇ ਮੈਨੂੰ ਕੁਝ ਨਿਰਾਸ਼ ਜ਼ਰੂਰ ਕੀਤਾ ਕਿ ਸਾਡੇ ਅੰਦਰ ਦੀ ਤਮਾਹ ਕਿਉਂ ਨਹੀਂ ਖਤਮ ਹੁੰਦੀ..??
ਪਰ ਇਹ ਨਿਰਾਸ਼ਾ ਬਾਕੀ ਪਿੰਡ ਦੇ ਹਾਲਾਤ ਮੂਹਰੇ ਬੇਮਾਇਨਾ ਸੀ, ਸਭ ਕੁਝ ਹੈ, ਜੋ ਰਹਿ ਗਿਆ ਹੈ, ਉਹ ਰੁਕਿਆ ਨਹੀਂ ਨਿਰੰਤਰ ਵਿਕਾਸ ਜਾਰੀ ਹੈ .. ਖੁਸ਼ਹਾਲੀ ਦੀ ਮਹਿਕ ਖਿਲਾਰਦਾ ਇਹ ਪਿੰਡ ਤੇ ਇਹਦੀ ਨੁਹਾਰ ਬਦਲਣ ਵਿੱਚ ਲੱਗੇ ਪ੍ਰਵਾਸੀ ਚੰਦ ਡਾਲਰ ਪੌਂਡ ਭੇਜ ਕੇ ਸਿਰਫ ਚੌਧਰ ਚਮਕਾਉਣ ਵਾਲਿਆਂ ਲਈ ਇਕ ਮਿਸਾਲ ਨੇ ਤੇ ਬਾਬਾ ਨਾਨਕ ਜੀ ਦੇ ਅਸਲ ਵਾਰਸ ਅਖਵਾਉਣ ਦੇ ਹੱਕਦਾਰ ਨੇ.. ਜੋ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੇ ਮਾਰਗ 'ਤੇ ਅਸਲੀ ਵਾਰਸ ਬਣ ਕੇ ਤੁਰ ਰਹੇ ਨੇ,
ਇਹਨਾਂ ਨੂੰ ਰੂਹ ਤੋਂ ਸਲਾਮ ਕਰਦੇ ਹਾਂ..
Thanks Aman
Gursharan Sangha Toronto
Sanghe Khalsa is a small village in Nurmahal. Nurmahal is a sub-tehsil in the city Jalandhar of Indian state of Punjab.
STD code
Sanghe Khalsa's STD code is 01821.
References